Click to find your nearest clinic
Abortion & Vasectomy Services - Marie Stopes Clinics

ਗਰਭਪਾਤ ਬਾਰੇ ਜਾਣਕਾਰੀ

ਅਸੀਂ ਉਹਨਾਂ ਔਰਤਾਂ ਲਈ ਗਰਭਪਾਤ ਬਾਰੇ ਜਾਣਕਾਰੀ ਮੁਹੱਈਆ ਕੀਤੀ ਹੈ ਜਿਨ੍ਹਾਂ ਦੀ ਮੁੱਖ ਭਾਸ਼ਾ ਅੰਗ੍ਰੇਜ਼ੀ ਨਹੀਂ ਹੈ। ਅਸੀਂ ਆਪਣੇ ਕੇਂਦਰਾਂ ਦੇ ਮਾਧਿਅਮ ਨਾਲ ਬਹੁਤ ਸਾਰੀਆਂ ਔਰਤਾਂ ਨੂੰ ਮਿਲਦੇ ਹਾਂ ਜੋ ਯੂਕੇ ਵਿੱਚ ਰਹਿੰਦੀਆਂ ਹਨ ਅਤੇ ਜੋ ਯੂਕੇ ਵਿੱਚ ਨਹੀਂ ਰਹਿੰਦੀਆਂ ਹਨ, ਅਤੇ ਸਾਡੀ ਟੀਮ ਜਿਸ ਵੀ ਤਰੀਕੇ ਨਾਲ ਹੋ ਸਕੇ, ਸਹਾਇਤਾ ਅਤੇ ਮਦਦ ਪੇਸ਼ ਕਰਨ ਲਈ ਮੌਜੂਦ ਰਹਿੰਦੀ ਹੈ।

ਮੈਰੀ ਸਟੋਪਸ ਕਲੀਨਿਕਾਂ ਬਾਰੇ

ਮੈਰੀ ਸਟੋਪਸ ਇੰਟਰਨੈਸ਼ਨਲ ਦੇ ਪੂਰੇ ਯੂਕੇ ਵਿੱਚ 9 ਕਲੀਨਿਕ ਹਨ ਜੋ ਉਹਨਾਂ ਔਰਤਾਂ ਲਈ ਮਦਦ ਮੁਹੱਈਆ ਕਰਦੇ ਹਨ ਜੋ ਗਰਭਪਾਤ ਕਰਵਾਉਣ ਬਾਰੇ ਸੋਚ ਰਹੀਆਂ ਹਨ। ਅਸੀਂ ਬਹੁਤ ਤਜਰਬੇਕਾਰ ਹਾਂ ਅਤੇ ਸਾਡੇ ਡਾਕਟਰ ਅਤੇ ਨਰਸਾਂ ਮਾਹਰ ਹਨ। ਅਸੀਂ ਹਰ ਸਾਲ ਯੂਕੇ ਵਿੱਚ ਸਾਰੀਆਂ ਗਰਭਪਾਤ ਸੇਵਾਵਾਂ ਵਿੱਚੋਂ ਇੱਕ ਤਿਹਾਈ ਸੇਵਾਵਾਂ ਮੁਹੱਈਆ ਕਰਦੇ ਹਾਂ। ਅਸੀਂ ਤੁਹਾਡੀ ਦੇਖਭਾਲ ਕਰਨ ਲਈ ਅਤੇ ਸਾਡੇ ਕਲੀਨਿਕ ਵਿੱਚ ਤੁਹਾਡੇ ਦੌਰੇ ਨੂੰ ਅਰਾਮਦਾਇਕ ਬਣਾਉਣ ਲਈ ਉਹ ਸਭ ਕੁਝ ਕਰਾਂਗੇ ਜੋ ਅਸੀਂ ਕਰ ਸਕਦੇ ਹਾਂ।

ਜੇ ਤੁਸੀਂ ਸਮਝਦੇ ਹੋ ਕਿ ਤੁਸੀਂ ਗਰਭਵਤੀ ਹੋ ਤਾਂ ਮਦਦ ਪ੍ਰਾਪਤ ਕਰਨੀ

ਗਰਭਪਾਤ

ਜੇ ਤੁਹਾਨੂੰ ਪਤਾ ਲੱਗਾ ਹੈ ਕਿ ਤੁਸੀਂ ਗਰਭਵਤੀ ਹੋ ਅਤੇ ਤੁਸੀਂ ਗਰਭਪਾਤ ਕਰਵਾਉਣ ਬਾਰੇ ਸੋਚ ਰਹੇ ਹੋ, ਤਾਂ ਇੱਥੇ ਮੈਰੀ ਸਟੋਪਸ ਕੇਂਦਰਾਂ ਵਿੱਚ ਸਾਡੇ ਵਲੋਂ ਮੁਹੱਈਆ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਕੁਝ ਜਾਣਕਾਰੀ ਦਿੱਤੀ ਗਈ ਹੈ। ਅਸੀਂ ਤੁਹਾਡੀ ਮਦਦ ਕਰਨ ਲਈ ਮੌਜੂਦ ਹਾਂ ਅਤੇ ਸਭ ਕੁਝ ਪੂਰੀ ਤਰ੍ਹਾਂ ਨਾਲ ਗੁਪਤ ਹੁੰਦਾ ਹੈ।

ਗਰਭ ਦੀ ਜਾਂਚ

ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਗਰਭਵਤੀ ਹੋ, ਗਰਭ ਦੀ ਜਾਂਚ ਕਰਾਓ। ਤੁਸੀਂ ਇਹ ਕਿਸੇ ਕੈਮਿਸਟ ਜਾਂ ਸੁਪਰਮਾਰਕਿਟ ਤੋਂ ਖ਼ਰੀਦ ਸਕਦੇ ਹੋ ਜਾਂ ਕਿਸੇ ਸਥਾਨਕ ਪਰਿਵਾਰਕ ਯੋਜਨਾਬੰਦੀ ਕਲੀਨਿਕ ਵਿੱਚ ਜਾਂਚ ਕਰਾ ਸਕਦੇ ਹੋ।

ਆਪਣੀ ਅਪਵਾਇੰਟਮੈਂਟ ਲੈਣੀ

ਜੇ ਤੁਸੀਂ ਗਰਭਪਾਤ ਬਾਰੇ ਗੱਲਬਾਤ ਕਰਨ ਲਈ ਮੈਰੀ ਸਟੋਪਸ ਇੰਟਰਨੈਸ਼ਨਲ ਦੇ ਨਾਲ ਇੱਕ ਅਪਵਾਇੰਟਮੈਂਟ ਰੱਖਣੀ ਚਾਹੋਗੇ ਤਾਂ +44 (0)845 300 8090 'ਤੇ ਸਾਨੂੰ ਫ਼ੋਨ ਕਰੋ। ਸਾਡੀ ਜਾਣਕਾਰੀ ਸੇਵਾ ਹਫ਼ਤੇ ਦੇ 7 ਦਿਨ, ਹਰ ਦਿਨ 24 ਘੰਟੇ ਖੁਲ੍ਹੀ ਰਹਿੰਦੀ ਹੈ।

ਜਦੋਂ ਤੁਸੀਂ ਸਾਨੂੰ ਟੈਲੀਫ਼ੋਨ ਕਰੋਗੇ, ਤਾਂ ਅਸੀਂ ਕੇਂਦਰ ਵਿੱਚ ਆਉਣ ਲਈ ਤੁਹਾਨੂੰ ਇੱਕ ਤਾਰੀਖ਼ ਅਤੇ ਸਮਾਂ ਦਵਾਂਗੇ ਅਤੇ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਕਿੱਥੇ ਜਾਣ ਦੀ ਲੋੜ ਹੈ। ਜੇ ਤੁਹਾਨੂੰ ਲੋੜ ਹੋਵੇ, ਤਾਂ ਟੈਲੀਫ਼ੋਨ ਕਾਲ ਵਿੱਚ ਤੁਹਾਡੀ ਮਦਦ ਕਰਨ ਲਈ ਕਿਰਪਾ ਕਰਕੇ ਕਿਸੇ ਅਜਿਹੇ ਭਰੋਸੇਮੰਦ ਵਿਅਕਤੀ ਨੂੰ ਰੱਖਣ ਕਰਨ ਦੀ ਕੋਸ਼ਿਸ਼ ਕਰੋ ਜੋ ਇੰਗਲਿਸ਼ ਬੋਲਦਾ ਹੋਵੇ। ਤੁਹਾਨੂੰ ਸ਼ਾਇਦ ਉਸ ਸਮੇਂ ਵੀ ਮਦਦ ਦੀ ਲੋੜ ਪੈ ਸਕਦੀ ਹੈ ਜਦੋਂ ਤੁਸੀਂ ਮੈਰੀ ਸਟੋਪਸ ਸੈਂਟਰ ਵਿੱਚ ਆਪਣੀ ਅਪਵਾਇੰਟਮੈਂਟ ਲਈ ਆਉਂਦੇ ਹੋ, ਕਿਉਂਕਿ ਅਸੀਂ ਗਾਰੰਟੀ ਨਹੀਂ ਦੇ ਸਕਦੇ ਹਾਂ ਕਿ ਉੱਥੇ ਤੁਹਾਡੇ ਵਾਸਤੇ ਅਨੁਵਾਦ ਕਰਨ ਲਈ ਕੋਈ ਵਿਅਕਤੀ ਹੋਵੇਗਾ।

ਤੁਸੀਂ ਇੱਕੋ ਦਿਨ ਜਾਂ ਜੇ ਤੁਸੀਂ ਚਾਹੋ ਤਾਂ ਦੋ ਵੱਖ-ਵੱਖ ਦਿਨ ਆ ਕੇ ਸਲਾਹ ਅਤੇ ਗਰਭਪਾਤ ਕਰਵਾਉਣ ਦੀ ਚੋਣ ਕਰ ਸਕਦੇ ਹੋ। ਜੇ ਤੁਸੀਂ ਯਕੀਨੀ ਨਹੀਂ ਹੋ ਕਿ ਕੀ ਕਰਨਾ ਹੈ, ਤਾਂ ਸਲਾਹ ਵੀ ਉਪਲਬਧ ਹੈ। ਜੇ ਤੁਸੀਂ ਪਹਿਲਾਂ ਸਲਾਹ ਪ੍ਰਾਪਤ ਕਰਨਾ ਚਾਹੋਗੇ ਤਾਂ ਕਿਰਪਾ ਕਰਕੇ ਸਾਨੂੰ ਦੱਸੋ ਕਿਉਂਕਿ ਕਿਸੇ ਦੁਭਾਸ਼ੀਏ ਦੀ ਲੋੜ ਹੋਵੇਗੀ।

ਜੇ ਤੁਸੀਂ ਨਿੱਜੀ ਤੌਰ 'ਤੇ ਆ ਰਹੇ ਹੋ, ਤਾਂ ਇੱਕ ਫ਼ੀਸ ਅਦਾ ਕਰਨੀ ਹੋਵੇਗੀ - ਗਰਭਪਾਤ ਲਈ ਸਾਡੇ ਖ਼ਰਚਿਆਂ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਮੈਰੀ ਸਟੋਪਸ ਦਾ ਫ਼ੀਸ ਵਾਲਾ ਭਾਗ ਦੇਖੋ। ਵੈਕਲਪਿਕ ਤੌਰ 'ਤੇ ਜੇ ਤੁਸੀਂ ਯੂਕੇ ਦੇ ਨਿਵਾਸੀ ਹੋ ਅਤੇ NHS ਇਲਾਜ ਲਈ ਯੋਗਤਾ ਪੂਰੀ ਕਰਦੇ ਹੋ, ਤਾਂ ਤੁਸੀਂ ਕਿਸੇ ਪਰਿਵਾਰਕ ਯੋਜਨਾਬੰਦੀ ਕਲੀਨਿਕ ਜਾਂ ਆਪਣੇ GP ਦੇ ਕੋਲ ਜਾ ਸਕਦੇ ਹੋ, ਹੋ ਸਕਦਾ ਹੈ ਉਹ ਤੁਹਾਨੂੰ ਮੁਫ਼ਤ NHS ਗਰਭਪਾਤ ਸੇਵਾਵਾਂ ਲਈ ਭੇਜ ਸਕਣ।

ਜੇ ਤੁਹਾਨੂੰ 19-24 ਹਫ਼ਤੇ ਦਾ ਗਰਭ ਹੈ, ਤਾਂ ਤੁਸੀਂ ਮੈਰੀ ਸਟੋਪਸ ਕੇਂਦਰ ਵਿੱਚ ਗਰਭਪਾਤ ਲਈ ਸਿਰਫ਼ ਕੁਝ ਘੰਟਿਆਂ ਤੋਂ ਲੈ ਕੇ ਇੱਕ ਦਿਨ ਤਕ ਰਹਿੰਦੇ ਹੋ। ਜੇ ਤੁਸੀਂ ਲੰਮੀ ਦੂਰੀ ਦਾ ਸਫ਼ਰ ਕਰ ਰਹੇ ਹੋ, ਤਾਂ ਅਸੀਂ ਸੁਝਾਅ ਦਵਾਂਗੇ ਕਿ ਤੁਸੀਂ ਆਪਣੇ ਇਲਾਜ ਦੇ ਬਾਅਦ ਘਰ ਜਾਣ ਤੋਂ ਪਹਿਲਾਂ ਰਾਤ ਭਰ ਲਈ ਕਿਸੇ ਹੋਟਲ ਜਾਂ ਬੈਡ ਐਂਡ ਬ੍ਰੇਕਫ਼ਾਸਟ (ਬਿਸਤਰ ਅਤੇ ਨਾਸ਼ਤਾ) ਰਿਹਾਇਸ਼ ਵਿੱਚ ਠਹਿਰ ਜਾਓ। ਜੇ ਤੁਹਾਨੂੰ ਇਸ ਬਾਰੇ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ, ਤਾਂ +44 (0)845 300 80 90 'ਤੇ ਸਾਡੀ ਟੀਮ ਤੁਹਾਡੀ ਮਦਦ ਕਰ ਸਕਦੀ ਹੈ।

ਤੁਹਾਡਾ ਸਲਾਹ-ਮਸ਼ਵਰਾ

ਜਦੋਂ ਤੁਸੀਂ ਮੈਰੀ ਸਟੋਪਸ ਸੈਂਟਰ ਵਿੱਚ ਆਓਗੇ ਤਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਡਾਕਟਰ ਜਾਂ ਨਰਸ ਨੂੰ ਮਿਲੋਗੇ ਜੋ ਇਹ ਯਕੀਨੀ ਬਣਾਉਣ ਲਈ ਤੁਹਾਡੇ ਨਾਲ ਗੱਲ ਕਰਨਗੇ ਕਿ ਤੁਸੀਂ ਗਰਭਪਾਤ ਕਰਵਾਉਣ ਬਾਰੇ ਫ਼ੈਸਲਾ ਕਰ ਲਿਆ ਹੈ।

ਉਹ ਤੁਹਾਡੇ ਮੈਡੀਕਲ ਇਤਿਹਾਸ, ਤੁਹਾਡੀ ਆਮ ਸਿਹਤ ਦੀ ਜਾਂਚ ਕਰਨਗੇ, ਤੁਹਾਡੇ ਦੁਆਰਾ ਲਈਆਂ ਜਾ ਰਹੀਆਂ ਦਵਾਈਆਂ ਬਾਰੇ ਪੁੱਛਣਗੇ ਅਤੇ ਤੁਹਾਡੇ ਨਾਲ ਗਰਭਨਿਰੋਧ 'ਤੇ ਗੱਲਬਾਤ ਕਰਨਗੇ। ਕੇਂਦਰ ਵਿੱਚ ਰਹਿਣ ਦੇ ਦੌਰਾਨ ਤੁਹਾਡੀਆਂ ਕੁਝ ਜਾਂਚਾਂ ਕੀਤੀਆਂ ਜਾਣਗੀਆਂ - ਉਂਗਲੀ ਵਿੱਚ ਚੁਭੋ ਕੇ ਖ਼ੂਨ ਦੀ ਜਾਂਚ ਜਾਂ ਖ਼ੂਨ ਦਾ ਨਮੂਨਾ, ਇੱਕ ਸਕੈਨ ਇਹ ਜਾਂਚ ਕਰਨ ਲਈ ਕਿ ਤੁਹਾਨੂੰ ਕਿੰਨੇ ਹਫ਼ਤੇ ਦਾ ਗਰਭ ਹੈ ਅਤੇ ਬਲੱਡ-ਪ੍ਰੈਸ਼ਰ ਦੀ ਜਾਂਚ ਕੀਤੀ ਜਾਂਦੀ ਹੈ। ਅਸੀਂ ਇਹ ਵੀ ਸਲਾਹ ਦਿੰਦੇ ਹਾਂ ਕਿ ਸਾਰੀਆਂ ਔਰਤਾਂ ਇਲਾਜ ਤੋਂ ਪਹਿਲਾਂ ਕਲੈਮੀਡੀਆ ਲਾਗ ਦੀ ਜਾਂਚ ਕਰਾ ਲੈਣ। ਅਸੀਂ ਗਰਭਪਾਤ ਇਲਾਜ ਦੀਆਂ ਚੋਣਾਂ ਬਾਰੇ ਵੀ ਸਮਝਾਵਾਂਗੇ। ਸਾਡੇ ਡਾਕਟਰ ਨੂੰ ਇੱਕ ਅਧਿਕਾਰਕ ਗਰਭਪਾਤ ਫ਼ਾਰਮ ਭਰਨ ਦੀ ਲੋੜ ਹੋਵੇਗੀ ਅਤੇ ਸਾਨੂੰ ਤੁਹਾਡੇ ਦਸਤਖਤ ਪ੍ਰਾਪਤ ਕਰਨ ਦੀ ਲੋੜ ਪਵੇਗੀ ਤਾਂ ਜੋ ਦਿਖਾ ਸਕੀਏ ਕਿ ਤੁਸੀਂ ਇਹ ਇਲਾਜ ਕਰਵਾਉਣ ਲਈ ਸਹਿਮਤ ਹੋ।

ਗਰਭਪਾਤ ਇਲਾਜ ਦੀਆਂ ਚੋਣਾਂ

ਮੈਰੀ ਸਟੋਪਸ ਦੇ ਕੇਂਦਰਾਂ ਵਿੱਚ ਦੋ ਤਰ੍ਹਾਂ ਦੀਆਂ ਗਰਭਪਾਤ ਪ੍ਰਕਿਰਿਆਵਾਂ ਪੇਸ਼ ਕੀਤੀਆਂ ਜਾਂਦੀਆਂ ਹਨ:

ਮੈਡੀਕਲ ਗਰਭਪਾਤ ਜਾਂ ਗਰਭਪਾਤ ਦੀ ਗੋਲੀ (9 ਹਫ਼ਤੇ ਦੇ ਗਰਭ ਤਕ)

ਇਸ ਗਰਭਪਾਤ ਵਿਧੀ ਲਈ ਲੋੜ ਹੋਵੇਗੀ ਕਿ ਤੁਹਾਨੂੰ 9 ਤੋਂ ਘੱਟ ਹਫ਼ਤੇ ਦਾ ਗਰਭ ਹੋਵੇ। ਇਸ ਵਿੱਚ ਗੋਲੀਆਂ ਲੈਣਾ ਸ਼ਾਮਲ ਹੁੰਦਾ ਹੈ ਅਤੇ ਤੁਹਾਨੂੰ 24-48 ਘੰਟਿਆਂ ਦੇ ਅੰਤਰਾਲ 'ਤੇ ਮੈਰੀ ਸਟੋਪਸ ਸੈਂਟਰ ਦੇ ਦੋ ਦੌਰੇ ਕਰਨ ਦੀ ਲੋੜ ਹੁੰਦੀ ਹੈ। ਇਸ ਲਈ ਇਸ ਇਲਾਜ ਦੇ ਦੌਰਾਨ ਤੁਹਾਨੂੰ 2-3 ਦਿਨਾਂ ਤਕ ਇਸ ਦੇਸ਼ ਵਿੱਚ ਠਹਿਰਨਾ ਪੈਂਦਾ ਹੈ।

ਅਸੀਂ ਜਾਂਚ ਕਰਾਂਗੇ ਕਿ ਅਜਿਹਾ ਕੋਈ ਮੈਡੀਕਲ ਕਾਰਨ ਨਹੀਂ ਹੈ ਕਿ ਤੁਸੀਂ ਇਸ ਵਿਧੀ ਨਾਲ ਇਲਾਜ ਨਹੀਂ ਕਰਾ ਸਕਦੇ ਹੋ। ਤੁਹਾਨੂੰ ਪਹਿਲੇ ਦੌਰੇ ਵਿੱਚ ਇੱਕ ਗੋਲੀ ਦਿੱਤੀ ਜਾਵੇਗੀ ਅਤੇ ਦੂਸਰੇ ਦੌਰੇ ਵਿੱਚ ਚਾਰ ਗੋਲੀਆਂ ਦਿੱਤੀ ਜਾਣਗੀਆਂ। ਇਹ ਗੋਲੀਆਂ ਜਾਰੀ ਗਰਭ ਨੂੰ ਰੋਕ ਕੇ ਗਰਭ ਨੂੰ ਖ਼ਤਮ ਕਰ ਦੇਣਗੀਆਂ ਅਤੇ ਬੱਚੇਦਾਨੀ ਨੂੰ ਗਰਭ ਨੂੰ ਬਾਹਰ ਕੱਢਣ ਲਈ ਪ੍ਰੇਰਿਤ ਕਰਨਗੀਆਂ। ਤੁਹਾਨੂੰ ਸਾਰੀਆਂ ਗੋਲੀਆਂ ਲੈਣੀਆਂ ਚਾਹੀਦੀਆਂ ਹਨ। ਤੁਹਾਡਾ ਭਾਰੀ ਮਾਤਰਾ ਵਿੱਚ ਖੂਨ ਨਿਕਲੇਗਾ ਅਤੇ ਤੁਹਾਨੂੰ ਮਰੋੜ ਪੈਣਗੇ ਅਤੇ ਹੋ ਸਕਦਾ ਹੈ ਤੁਸੀਂ ਦਿਲ ਕੱਚਾ ਹੋਣਾ ਮਹਿਸੂਸ ਕਰੋ ਅਤੇ ਆਮ ਤੌਰ 'ਤੇ ਆਖ਼ਰੀ ਗੋਲੀ ਲੈਣ ਦੇ 4 ਘੰਟੇ ਦੇ ਅੰਦਰ ਤੁਹਾਡਾ ਗਰਭ ਖ਼ਤਮ ਹੋ ਜਾਵੇਗਾ। ਕਦੇ-ਕਦੇ ਇਸ ਵਿੱਚ ਗੋਲੀਆਂ ਲੈਣ ਦੇ ਬਾਅਦ ਇੱਕ ਜਾਂ ਦੋ ਦਿਨ ਲੱਗ ਸਕਦੇ ਹਨ ਅਤੇ ਖੂਨ ਨਿਕਲਣਾ ਕੁਝ ਹਫ਼ਤੇ ਤਕ ਜਾਰੀ ਰਹਿ ਸਕਦਾ ਹੈ।

ਸਰਜਰੀ (ਆਪਰੇਸ਼ਨ) ਨਾਲ ਗਰਭਪਾਤ (24 ਹਫ਼ਤੇ ਦੇ ਗਰਭ ਤਕ)

ਅਸੀਂ 24 ਹਫ਼ਤੇ ਦੇ ਗਰਭ ਤਕ ਸਰਜਰੀ ਨਾਲ ਗਰਭਪਾਤ ਕਰ ਸਕਦੇ ਹਾਂ। ਇਸ ਇਲਾਜ ਲਈ ਤੁਸੀਂ ਆਪਣੇ ਇਲਾਜ ਦੇ ਬਾਅਦ ਸਿੱਧਾ ਘਰ ਜਾ ਸਕਦੇ ਹੋ। ਸਰਜਰੀ ਨਾਲ ਗਰਭਪਾਤ ਵਿੱਚ ਬੱਚੇਦਾਨੀ ਤੋਂ ਗਰਭ ਨੂੰ ਹਟਾਉਣ ਲਈ ਕੋਮਲ ਚੂਸਣ ਦਾ ਤਰੀਕਾ ਵਰਤਿਆ ਜਾਂਦਾ ਹੈ। ਇਸ ਵਿੱਚ ਲਗਭਗ 5-10 ਮਿੰਟ ਲੱਗਦੇ ਹਨ ਅਤੇ ਤੁਹਾਨੂੰ ਇਸਦੇ ਬਾਅਦ ਥੋੜ੍ਹਾ ਸਮਾਂ ਕਲੀਨਿਕ ਵਿੱਚ ਬਿਤਾਉਣ ਦੀ ਲੋੜ ਹੋਵੇਗੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਘਰ ਜਾਣ ਤੋਂ ਪਹਿਲਾਂ ਤੁਸੀਂ ਆਰਾਮਦੇਹ ਅਤੇ ਠੀਕ ਹੋ। ਬਾਅਦ ਵਾਲੇ ਗਰਭਪਾਤ ਲਈ ਤੁਹਾਨੂੰ ਕੇਂਦਰ ਵਿੱਚ ਜ਼ਿਆਦਾ ਦੇਰ ਤਕ ਠਹਿਰਨ ਦੀ ਲੋੜ ਪਵੇਗੀ।

ਇਸ ਤਰੀਕੇ ਲਈ ਤੁਸੀਂ ਏਨਿਸਥੀਸੀਆ ਦੇ ਤਿੰਨ ਵੱਖ-ਵੱਖ ਵਿਕਲਪਾਂ ਵਿੱਚੋਂ ਚੁਣ ਸਕਦੇ ਹੋ:

  1. ਇਲਾਜ ਦੇ ਦੌਰਾਨ ਪੂਰੀ ਤਰ੍ਹਾਂ ਨਾਲ ਜਾਗਣਾ
  2. ਸਚੇਤ ਸਥਿਤੀ ਸ਼ਾਂਤ ਕਰਨ ਵਾਲਾ ਛੋਟਾ ਟੀਕਾ ਲਗਵਾ ਕੇ ਉਨੀਂਦਰੇ ਅਤੇ ਸੁਸਤ ਪਰ ਜਾਗਦੇ ਹੋਏ
  3. ਅਸੀਂ ਆਮ ਐਨੇਸਥੇਟਿਕ ਵੀ ਪੇਸ਼ ਕਰਦੇ ਹਾਂ ਜਿਸ ਵਿੱਚ ਤੁਸੀਂ ਪੂਰੀ ਤਰ੍ਹਾਂ ਨਾਲ ਸੁੱਤੇ ਹੋਏ ਹੋਵੋਗੇ – ਬਾਅਦ ਵਾਲਾ ਗਰਭਪਾਤ ਹਮੇਸ਼ਾ ਆਮ ਐਨੇਸਥੇਟਿਕ ਦੁਆਰਾ ਹੁੰਦਾ ਹੈ।

ਗਰਭਪਾਤ ਦੇ ਖ਼ਤਰੇ

ਹਾਲਾਂਕਿ ਗਰਭਪਾਤ ਇੱਕ ਬਹੁਤ ਸੁਰੱਖਿਅਤ ਪ੍ਰਕਿਰਿਆ ਹੈ, ਕੁਝ ਖ਼ਤਰੇ ਹੁੰਦੇ ਹਨ ਜਿਨ੍ਹਾਂ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ, ਇਹਨਾਂ ਵਿੱਚ ਸ਼ਾਮਲ ਹਨ ਲਾਗ, ਗਰਭਾਵਸਥਾ ਜਾਰੀ ਰਹਿਣੀ, ਅਧੂਰੇ ਗਰਭਪਾਤ ਦੇ ਛੋਟੇ-ਛੋਟੇ ਖ਼ਤਰੇ ਅਤੇ ਬਹੁਤ ਹੀ ਦੁਰਲੱਭ ਮਾਮਲਿਆਂ ਵਿੱਚ ਬੱਚੇਦਾਨੀ ਨੂੰ ਨੁਕਸਾਨ। ਜਦੋਂ ਤੁਸੀਂ ਸਾਡੇ ਨਾਲ ਸਲਾਹ-ਮਸ਼ਵਰਾ ਕਰੋਗੇ, ਤਾਂ ਅਸੀਂ ਇਹਨਾਂ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ।

ਤੁਹਾਡੇ ਇਲਾਜ ਦੇ ਦਿਨ

ਆਪਣੇ ਇਲਾਜ ਲਈ ਅਪਵਾਇੰਟਮੈਂਟ ਤੋਂ 6 ਘੰਟੇ ਪਹਿਲਾਂ ਤਕ ਤੁਹਾਨੂੰ ਕੁਝ ਵੀ ਖਾਣਾ ਜਾਂ ਪੀਣਾ ਨਹੀਂ ਚਾਹੀਦਾ, ਪਾਣੀ ਅਤੇ ਸਿਗਰਟ ਵਗੈਰਾ ਵੀ ਨਹੀਂ।

ਤੁਹਾਡਾ ਸਾਥੀ/ਦੋਸਤ/ਰਿਸ਼ਤੇਦਾਰ ਤੁਹਾਨੂੰ ਤੁਹਾਡੇ ਇਲਾਜ ਲਈ ਅਪਵਾਇੰਟਮੈਂਟ ਵਿੱਚ ਲਿਆ ਸਕਦੇ ਹਨ ਪਰ ਉਹ ਤੁਹਾਡੀ ਪ੍ਰਕਿਰਿਆ ਦੇ ਦੌਰਾਨ ਠਹਿਰ ਨਹੀਂ ਸਕਣਗੇ। ਉਹਨਾਂ ਨੂੰ ਇੱਕ ਸਮਾਂ ਦਿੱਤਾ ਜਾਵੇਗਾ ਜਦੋਂ ਉਹ ਤੁਹਾਨੂੰ ਘਰ ਲਿਜਾਉਣ ਵਾਸਤੇ ਤੁਹਾਨੂੰ ਲੈਣ ਲਈ ਵਾਪਸ ਆ ਸਕਦੇ ਹਨ।

ਤੁਹਾਡੇ ਸਰਜਰੀ ਇਲਾਜ ਦੇ ਬਾਅਦ ਅਰਾਮ ਕਰਨ ਦਾ ਸਮਾਂ ਹੋਵੇਗਾ ਅਤੇ ਅਸੀਂ ਯਕੀਨੀ ਬਣਾਵਾਂਗੇ ਕਿ ਤੁਸੀਂ ਇੱਥੋਂ ਜਾਣ ਦੇ ਲਾਇਕ ਹੋ।.

ਗਰਭਪਾਤ ਦੇ ਬਾਅਦ

ਜਦੋਂ ਤੁਸੀਂ ਘਰ ਜਾਂਦੇ ਹੋ

ਅਸੀਂ ਬਾਅਦ ਦੀ ਦੇਖਭਾਲ ਦੇ ਪੂਰੇ ਨਿਰਦੇਸ਼ ਦਵਾਂਗੇ ਕਿ ਘਰ ਜਾਣ 'ਤੇ ਆਪਣੀ ਦੇਖਭਾਲ ਕਿਵੇਂ ਕਰਨੀ ਹੈ। 0845 300 8090 'ਤੇ 24 ਘੰਟੇ ਬਾਅਦ ਦੀ ਦੇਖਭਾਲ ਬਾਰੇ ਮਦਦ ਅਤੇ ਸਲਾਹ ਉਪਲਬਧ ਹੈ।

ਅਸੀਂ ਸਲਾਹ ਦਿੰਦੇ ਹਾਂ ਕਿ ਤੁਸੀਂ ਘੱਟੋ-ਘੱਟ 24 ਘੰਟੇ ਅਰਾਮ ਕਰੋ। ਤੁਸੀਂ ਅਗਲੇ ਦਿਨ ਸ਼ਾਵਰ ਦੇ ਹੇਠਾਂ ਨਹਾ ਸਕਦੇ ਹੋ; ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਤੁਸੀਂ ਇੱਕ ਹਫ਼ਤੇ ਤਕ ਨਾ ਨਹਾਓ ਅਤੇ ਨਾ ਹੀ ਤੈਰੋ, ਅਤੇ ਜਦੋਂ ਤਕ ਤੁਹਾਡਾ ਖੂਨ ਨਿਕਲਣਾ ਬੰਦ ਨਾ ਹੋ ਜਾਵੇ ਸੁਗੰਧੀਆਂ (ਪਰਫਿਊਮ) ਦੀ ਵਰਤੋਂ ਨਾ ਕਰੋ। ਤੁਹਾਨੂੰ ਭਾਰੀ ਘਰੇਲੂ ਕੰਮ ਜਾਂ ਸਰੀਰਕ ਕੰਮ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਤੁਸੀਂ ਬਿਮਾਰ ਮਹਿਸੂਸ ਕਰ ਸਕਦੇ ਹੋ ਅਤੇ ਤੁਹਾਡਾ ਖੂਨ ਨਿਕਲ ਸਕਦਾ ਅਤੇ ਦਰਦ ਹੋ ਸਕਦਾ ਹੈ। ਜੇ ਤੁਹਾਡਾ ਕੰਮ ਬਹੁਤ ਜ਼ਿਅਦਾ ਸਰੀਰਕ ਹੈ, ਤਾਂ ਤੁਹਾਨੂੰ ਕੁਝ ਹੋਰ ਦਿਨਾਂ ਦੀ ਛੁੱਟੀ ਲੈਣੀ ਚਾਹੀਦੀ ਹੈ। ਸਾਰੇ ਗਾਹਕਾਂ ਦਾ ਗਰਭਪਾਤ ਦੇ ਬਾਅਦ ਥੋੜ੍ਹਾ ਖੂਨ ਨਿਕਲੇਗਾ ਜੋ ਕੁਝ ਸਮੇਂ ਤਕ ਜਾਰੀ ਰਹਿ ਸਕਦਾ ਹੈ।

ਸਾਡੀ ਬਾਅਦ ਦੀ ਦੇਖਭਾਲ ਦੀ 24 ਘੰਟੇ ਦੀ ਸੇਵਾ ਗਰਭਪਾਤ ਦੇ ਬਾਅਦ ਤੁਹਾਡੀ ਲੋੜ ਦੀ ਪੂਰੀ ਮਦਦ ਅਤੇ ਸਲਾਹ ਪੇਸ਼ ਕਰਦੀ ਹੈ ਅਤੇ ਜੇ ਤੁਸੀਂ ਕਿਸੇ ਚੀਜ਼ ਬਾਰੇ ਫਿਕਰਮੰਦ ਹੋ ਤਾਂ ਅਸੀਂ ਕਲੀਨਿਕ ਵਿੱਚ ਇਲਾਜ ਦੇ ਬਾਅਦ ਦੀਆਂ ਜਾਂਚਾਂ ਪੇਸ਼ ਕਰ ਸਕਦੇ ਹਾਂ। ਜੇ ਤੁਹਾਨੂੰ ਸਾਡੀ ਹੈਲਪਲਾਈਨ 'ਤੇ ਫ਼ੋਨ ਕਰਨ ਦੀ ਲੋੜ ਹੋਵੇ, ਤਾਂ ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਨਾਲ ਇੰਗਲਿਸ਼ ਬੋਲਣ ਵਾਲਾ ਕੋਈ ਦੋਸਤ ਹੋਵੇ।

ਦਰਦ-ਨਿਵਾਰਕ ਦਵਾਈਆਂ ਲੈਣੀਆਂ

ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਕੋਲ ਘਰ ਵਿੱਚ ਦਰਦ ਨਿਵਾਰਕ ਦਵਾਈਆਂ ਹੋਣ; ਅਸੀਂ ਪੈਰਾਸੀਟਾਮੋਲ ਅਤੇ ਇਬੁਪ੍ਰੋਫ਼ੇਨ ਦਾ ਸੁਝਾਉ ਦਿੰਦੇ ਹਾਂ (ਇਬੁਪ੍ਰੋਫ਼ੇਨ ਤਾਂ ਹੀ ਲਵੋ ਜਦੋਂ ਤੁਸੀਂ ਯਕੀਨੀ ਹੋਵੋ ਕਿ ਤੁਸੀਂ ਇਹਨਾਂ ਨੂੰ ਲੈ ਸਕਦੇ ਹੋ) ਐਸਪਿਰਿਨ ਉਤਪਾਦ ਨਾ ਲਵੋ

ਗਰਭਪਾਤ ਦੇ ਬਾਅਦ ਆਪਣੀ ਦੇਖਭਾਲ ਕਰਨੀ

ਕਿਸੇ ਮੈਡੀਕਲ ਜਾਂ ਸਰਜਰੀ ਨਾਲ ਗਰਭਪਾਤ ਕਰਵਾਉਣ ਦੇ ਬਾਅਦ ਤੁਹਾਡੀ ਸਿਹਤ ਜਾਂ ਭਵਿੱਖ ਵਿੱਚ ਜਣਨ ਸਮਰੱਥਾ ਨੂੰ ਬਹੁਤ ਥੋੜ੍ਹਾ ਹੀ ਖ਼ਤਰਾ ਹੁੰਦਾ ਹੈ; ਪਰ ਲਾਗ ਦੇ ਖ਼ਤਰੇ ਨੂੰ ਘੱਟ ਕਰਨ ਲਈ ਆਪਣੀ ਅਗਲੀ ਮਾਹਵਾਰੀ ਤਕ ਸਿਰਫ਼ ਪੈਡਾਂ ਦੀ ਵਰਤੋਂ ਕਰੋ, ਟੈਂਪਨਾਂ ਦੀ ਨਹੀਂ। ਦੋ ਹਫ਼ਤੇ ਤਕ ਸਰੀਰਕ ਸੰਬੰਧ ਨਾ ਬਣਾਓ।

ਇਲਾਜ ਦੇ ਸਮੇਂ ਗਰਭਪਾਤ ਹੋਣ ਤੋਂ ਖੁੰਝ ਜਾਣ ਦਾ ਜਾਂ ਗਰਭਪਾਤ ਅਧੂਰਾ ਰਹਿ ਜਾਣ ਦਾ ਥੋੜ੍ਹਾ ਜਿਹਾ ਖ਼ਤਰਾ ਹੁੰਦਾ ਹੈ। ਜੇ ਤੁਹਾਨੂੰ ਲਾਗ ਦੇ ਸੰਕੇਤ ਮਿਲਦੇ ਹਨ - ਜਿਸ ਵਿੱਚ ਤੇਜ਼ ਬੁਖ਼ਾਰ ਅਤੇ ਫ਼ਲੂ ਦੇ ਆਮ ਲੱਛਣ ਸ਼ਾਮਲ ਹਨ, ਤਾਂ ਕਿਰਪਾ ਕਰਕੇ ਜਿੰਨੀ ਜਲਦੀ ਹੋ ਸਕੇ, ਸਾਡੇ ਨਾਲ ਸੰਪਰਕ ਕਰੋ।

ਅਸੀਂ ਸਲਾਹ ਲਈ 0044 (0)845 300 8090 'ਤੇ 24 ਘੰਟੇ ਖੁਲ੍ਹੇ ਰਹਿੰਦੇ ਹਾਂ, ਜਦੋਂ ਤੁਸੀਂ ਫ਼ੋਨ ਕਰਦੇ ਹੋ, ਤਾਂ ਆਪਣਾ ਚਾਰ ਅੰਕਾਂ ਦਾ ਪਿਨ ਨੰਬਰ ਤਿਆਰ ਰੱਖੋ।

ਤੁਹਾਡੀ ਅਗਲੀ ਮਾਹਵਾਰੀ

ਤੁਹਾਡੀ ਅਗਲੀ ਮਾਹਵਾਰੀ 4 ਤੋਂ 8 ਹਫ਼ਤੇ ਤਕ ਕਿਸੇ ਵੀ ਸਮੇਂ ਸ਼ੁਰੂ ਹੋ ਸਕਦੀ ਹੈ। ਤੁਹਾਨੂੰ ਆਪਣੇ ਇਲਾਜ ਦੇ ਤਿੰਨ ਹਫ਼ਤੇ ਬਾਅਦ ਗਰਭ ਦੀ ਜਾਂਚ ਕਰਾ ਲੈਣੀ ਚਾਹੀਦੀ ਹੈ, ਇਹ ਦੇਖਣ ਲਈ ਕਿ ਸਭ ਕੁਝ ਸਫਲ ਰਿਹਾ ਹੈ। ਇਸ ਸਮੇਂ ਤੋਂ ਪਹਿਲਾਂ ਜਾਂਚ ਨਾ ਕਰਾਓ ਕਿਉਂਕਿ ਗਰਭ ਸੰਬੰਧੀ ਹਾਰਮੋਨ ਤੁਹਾਡੀ ਪ੍ਰਣਾਲੀ ਵਿੱਚ ਅਜੇ ਵੀ ਹੋਵੇਗਾ ਅਤੇ ਨਤੀਜਾ ਅਜੇ ਵੀ ਸਕਾਰਾਤਮਕ ਹੋ ਸਕਦਾ ਹੈ।

ਜੇ ਤੁਹਾਡੇ ਕੋਈ ਪ੍ਰਸ਼ਨ ਹੋਣ ਜਾਂ ਤੁਸੀਂ ਅਪਵਾਇੰਟਮੈਂਟ ਲੈਣੀ ਚਾਹੋ, ਤਾਂ +44 (0)845 300 80 90 'ਤੇ ਸਾਨੂੰ ਫ਼ੋਨ ਕਰੋ।

Abortion information in different languages
Privacy Statement